ਭੱਟਾਂ ਕੇ ਸਵਈਏ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੱਟਾਂ ਕੇ ਸਵਈਏ: ਭੱਟਾਂ ਦੇ ਪਦਾਂ ਨੂੰ ਇਹ ਸਿਰਲੇਖ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਦਿੱਤਾ ਹੋਇਆ। ਉਂਜ ਇਸ ਪ੍ਰਕਰਣ (ਪੰਨੇ 1389-1409) ਵਿਚ ‘ਸਵਈਏ ਮਹਲੇ ਪਹਿਲੇ ਕੇ’, ‘ਸਵਈਏ ਮਹਲੇ ਦੂਜੇ ਕੇ’, ‘ਸਵਈਏ ਮਹਲੇ ਤੀਜੇ ਕੇ’, ‘ਸਵਈਏ ਮਹਲੇ ਚਉਥੇ ਕੇ’ ਅਤੇ ‘ਸਵਈਏ ਮਹਲੇ ਪੰਜਵੇਂ ਕੇ’ ਸਿਰਲੇਖਾਂ ਅਧੀਨ 123 ਸਵੈਯੇ ਦਰਜ ਹਨ। ਇਨ੍ਹਾਂ ਸਭ ਨੂੰ ‘ਸਵਈਏ’ ਮੰਨਿਆ ਗਿਆ ਹੈ, ਸ਼ਾਇਦ ਇਸ ਲਈ ਕਿ ਇਨ੍ਹਾਂ ਵਿਚ ਬਹੁਤੀ ਗਿਣਤੀ ਸਵੈਇਆਂ ਦੀ ਹੈ, ਉਂਜ ਚੌਪਈ, ਸੋਰਠਾ, ਦੋਹਰਾ , ਰਡ , ਝੋਲਨਾ , ਛਪੈ ਆਦਿ ਛੰਦ ਵੀ ਲੱਛਣਾਂ ਦੀ ਕੁਝ ਵਾਧ-ਘਾਟ ਸਹਿਤ ਵਰਤੇ ਮਿਲ ਜਾਂਦੇ ਹਨ। ਇਨ੍ਹਾਂ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਦੇਵ-ਤੁਲ ਉਸਤਤ ਅਤੇ ਯਸ਼ਗਾਨ ਕੀਤਾ ਗਿਆ ਹੈ।

ਇਹ ਸਵੈਯੇ ਭੱਟਾਂ ਦੀ ਰਚਨਾ ਮੰਨੇ ਜਾਂਦੇ ਹਨ। ਇਹ ਭੱਟ ਕੌਣ ਸਨ ? ਹਰ ਇਕ ਨੇ ਕਿਤਨੇ ਕਿਤਨੇ ਸਵੈਯੇ ਉਚਾਰੇ ਸਨ ? ਅਤੇ ਇਹ ਗੁਰੂ-ਦਰਬਾਰ ਵਿਚ ਕਦੋਂ ਆਏ ਸਨ ? ਇਨ੍ਹਾਂ ਪ੍ਰਸ਼ਨਾਂ ਦਾ ਭਾਵੇਂ ਸੰਤੋਸ਼ਜਨਕ ਉੱਤਰ ਇਤਿਹਾਸ ਅਤੇ ਪਰੰਪਰਾ ਤੋਂ ਨਹੀਂ ਮਿਲਦਾ, ਪਰ ਫਿਰ ਵੀ ਵਿਦਵਾਨਾਂ ਨੇ ਇਸ ਸੰਬੰਧ ਵਿਚ ਜੋ ਯਤਨ ਕੀਤੇ ਹਨ, ਉਨ੍ਹਾਂ ਦੇ ਆਧਾਰ’ਤੇ ਕਿਹਾ ਜਾ ਸਕਦਾ ਹੈ ਕਿ ਇਹ ਭੱਟ, ਸਵੈਇਆਂ ਦੀ ਭਾਸ਼ਾ ਦੇ ਆਧਾਰ’ਤੇ, ਬ੍ਰਜ ਅਤੇ ਪੰਜਾਬ ਦੇ ਮੱਧਵਰਤੀ ਖੇਤਰ ਦੇ ਪ੍ਰਤੀਤ ਹੁੰਦੇ ਹਨ। ਇਹ ਆਪਣੇ ਆਪ ਨੂੰ ਕੋਸ਼ਿਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸੁਤ (ਸਰਸ੍ਵਤੀ) ਨਦੀ ਦੇ ਕੰਢੇ ਵਸੇ ਹੋਣ ਕਾਰਣ ਸਾਰਸੁਤ (ਸਾਰਸ੍ਵਤ) ਬ੍ਰਾਹਮਣ ਅਖਵਾਉਂਦੇ ਹਨ। ਇਹ ਲੋਕ ਕੁਲ- ਪਰੰਪਰਾ ਤੋਂ ਰਾਜਿਆਂ ਅਥਵਾ ਕੁਲੀਨ ਪੁਰਸ਼ਾਂ ਦੀ ਉਸਤਤ ਕਰਦੇ ਸਨ ਅਤੇ ਉਨ੍ਹਾਂ ਦੇ ਖ਼ਾਨਦਾਨਾਂ ਦੀਆਂ ਇਤਿਹਾਸਿਕ ਘਟਨਾਵਾਂ ਨੂੰ ‘ਭੱਟਾਛਰੀ’ ਲਿਪੀ ਵਿਚ ਲਿਖੀਆਂ ਵਹੀਆਂ ਵਿਚ ਸੰਭਾਲੀ ਰਖਦੇ ਸਨ। ਇਨ੍ਹਾਂ ਦੇ ਕਿਤਨੇ ਹੀ ਖ਼ਾਨਦਾਨ ਹੁਣ ਵੀ ਜੀਂਦ ਅਤੇ ਪਹੇਵੇ ਦੇ ਵਿਚਲੇ ਇਲਾਕੇ ਵਿਚ ਵਸਦੇ ਹਨ ਅਤੇ ਕੁਝ ਖ਼ਾਨਦਾਨ ਨਿਖੜ ਕੇ ਜਮਨਾ ਪਾਰ ਉਤਰ- ਪ੍ਰਦੇਸ਼ ਦੀ ਪੱਛਮੀ ਸੀਮਾ ਦੇ ਨੇੜੇ ਜਾ ਵਸੇ ਹਨ। ਭੱਟ-ਵਹੀਆਂ ਦੇ ਆਧਾਰ’ਤੇ ਇਨ੍ਹਾਂ ਦੀ ਬੰਸਾਵਲੀ ਭਗੀਰਥ ਨਾਂ ਦੇ ਭਟ ਤੋਂ ਸ਼ੁਰੂ ਹੁੰਦੀ ਹੈ। ਇਸੇ ਭਗੀਰਥ ਦੀ ਨੌਵੀਂ ਪੀੜ੍ਹੀ ਵਿਚ ਰਈਆ ਨਾਂ ਦਾ ਭੱਟ ਹੋਇਆ ਜਿਸ ਦੇ ਛੇ ਪੁੱਤਰ ਸਨ—ਭਿੱਖਾ, ਸੇਖਾ , ਤੋਖਾ, ਗੋਖਾ, ਚੋਖਾ ਅਤੇ ਟੋਡਾ। ਇਨ੍ਹਾਂ ਵਿਚੋਂ ਭਿੱਖੇ ਦੇ ਤਿੰਨ ਪੁੱਤਰਾਂ—ਮਥੁਰਾ, ਜਾਲਪ ਅਤੇ ਕੀਰਤ—ਦੇ ਸਵੈਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਭੱਟ-ਕਵੀਆਂ ਵਿਚੋਂ ਬਲ , ਹਰਬੰਸ , ਕਲ੍ਹਸਹਾਰ ਅਤੇ ਗਯੰਦ (ਅਥਵਾ ਪਰਮਾਨੰਦ) ਭਿਖੇ ਦੇ ਭਤੀਜੇ ਸਨ ਅਤੇ ਸਲ੍ਹ , ਭਲ੍ਹ ਅਤੇ ਨਲ੍ਹ ਵੀ ਇਨ੍ਹਾਂ ਦੇ ਭਰਾ ਭਾਈ ਹਨ। ਇਹ ਸਾਰੇ ਘੁੰਮੱਕੜ ਰੁਚੀ ਵਾਲੇ ਆਤਮ-ਆਨੰਦ ਦੇ ਜਿਗਿਆਸੂ ਸਨ। ਅਨੇਕ ਸਥਾਨਾਂ ਅਤੇ ਸਾਧਾਂ-ਸੰਤਾਂ ਪਾਸ ਜਾਣ ’ਤੇ ਵੀ ਇਨ੍ਹਾਂ ਦੀ ਜਿਗਿਆਸਾ ਸ਼ਾਂਤ ਨਹੀਂ ਹੋਈ ਸੀ—ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ਸੰਨਿਆਸੀ ਤਪਸੀਅਹ ਮੁਖਹੁ ਪੰਡਿਤ ਮਿਠੇ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ (ਗੁ.ਗ੍ਰੰ.1395)। (ਮਹਲੇ ਤੀਜੇ ਕੇ)।

            ਹਾਰ ਹੁਟ ਕੇ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿਚ ਪਹੁੰਚੇ। ਉਥੇ ਉਨ੍ਹਾਂ ਦੀ ਅਧਿਆਤਮਿਕ ਜਿਗਿਆਸਾ ਸਮਾਪਤ ਹੋਈ। ਇਹ ਤਦ ਹੀ ਸੰਭਵ ਹੋਇਆ ਜਦੋਂ ਉਨ੍ਹਾਂ ਦੇ ਮਸਤਕ ਉਤੇ ਭਾਗ-ਰੇਖਾ ਦਾ ਉਦਭਵ ਹੋਇਆ— ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿਹੈ ਨਹੀ ਰੇ ਪਛਤਾਯਉ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਆਯਉ (ਗੁ.ਗ੍ਰੰ.1409)।

ਇਹ ਭੱਟ, ਅਨੁਮਾਨ ਹੈ, ਸੰਨ 1581 ਈ. ਵਿਚ ਭੱਟ ਕਲ੍ਹਸਹਾਰ ਦੀ ਅਗਵਾਈ ਵਿਚ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਗੁਰੂ-ਗੱਦੀ ਉਤੇ ਬੈਠਣ ਵੇਲੇ ਗੋਇੰਦਵਾਲ ਆਏ ਸਨ। ਇਨ੍ਹਾਂ ਭੱਟਾਂ ਦੀ ਗਿਣਤੀ ਯਾਰ੍ਹਾਂ ਮੰਨੀ ਜਾਂਦੀ ਹੈ—ਕਲ੍ਹਸਹਾਰ (54), ਜਾਲਪ (5), ਕੀਰਤ (8), ਭਿੱਖਾ (2), ਸਲ੍ਹ (3), ਭਲ੍ਹ (1), ਨਲ੍ਹ (16), ਗਯੰਦ (ਅਥਵਾ ਪਰਮਾਨੰਦ) (13), ਮਥੁਰਾ (14), ਬਲ੍ਹ (5) ਅਤੇ ਹਰਿਬੰਸ (2)। ਕੁਝ ਵਿਦਵਾਨਾਂ ਨੇ ਕਲੑਯ, ਜਲੑਯ, ਦਾਸ , ਸੇਵਕ, ਗੁੰਗ, ਟਲੑਯ ਆਦਿ ਨਾਂਵਾਂ ਦੇ ਵੀ ਅਨੁਮਾਨ ਲਗਾਏ ਹਨ, ਪਰ ਇਹ ਅਨੁਮਾਨ ਤੱਥਕ ਤੌਰ ’ਤੇ ਨਿਰਾਧਾਰ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਭੱਟਾਂ ਦੀ ਬਾਣੀ ਦੇ ਦਰਜ ਹੋਣ ਨਾਲ ਇਨ੍ਹਾਂ ਦਾ ਸਿੱਖ ਸਮਾਜ ਵਿਚ ਵਿਸ਼ੇਸ਼ ਆਦਰ ਹੋਣ ਲਗ ਗਿਆ। ਇਥੋਂ ਤਕ ਕਿ ਭਾਈ ਸੰਤੋਖ ਸਿੰਘ ਨੇ ‘ਗੁਰਪ੍ਰਤਾਪ ਸੂਰਜ ’ (ਰਾਸਿ 3/ਅ.48) ਵਿਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਕਿਹਾ ਹੈ।

ਇਨ੍ਹਾਂ ਭੱਟਾਂ ਨੇ ਗੁਰੂ ਸਾਹਿਬਾਨ ਦੇ ਇਤਿਹਾਸਿਕ ਸਰੂਪ ਵਿਚ ਪਹਿਲੀ ਵਾਰ ਪੁਰਾਣ-ਪੁਰਸ਼ਾਂ ਜਾਂ ਅਵਤਾਰਾਂ ਦੀ ਕਲਪਨਾ ਕੀਤੀ ਹੈ। ਇਨ੍ਹਾਂ ਅਨੁਸਾਰ ਗੁਰੂ ਵਿਸ਼ਣੂ ਦੇ ਅਵਤਾਰ ਹਨ, ਪਰ ਵਿਸ਼ੇਸ਼ਤਾ ਇਹ ਹੈ ਕਿ ਇਕ ਪਾਸੇ ਜੇ ਇਹ ਵਿਸ਼ਣੂ ਦੇ ਅਵਤਾਰ ਹਨ ਤਾਂ ਦੂਜੇ ਪਾਸੇ ਹਰ ਇਕ ਪਰਵਰਤੀ ਗੁਰੂ, ਗੁਰੂ ਨਾਨਕ ਦੇਵ ਦਾ ਉਤਰੋਤਰ ਅਵਤਾਰ ਹੈ। ਉਨ੍ਹਾਂ ਸਭ ਵਿਚ ਇਕ ਜੋਤਿ ਦਾ ਸੰਚਾਰ ਹੋ ਰਿਹਾ ਹੈ—ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ਅਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ ਦੀਅਉ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤਿ ਪੰਚ ਪ੍ਰਮਾਣ ਗੁਰੁ ਅਰਜੁਨੁ ਪਿਖਹੁ ਨਯਣ (ਗੁ.ਗ੍ਰੰ.1408)।

ਗੁਰੂ ਨਾਨਕ ਦੇਵ ਜੀ ਸੰਬੰਧੀ ਕੁਲ ਦਸ ਸਵੈਯੇ ਲਿਖੇ ਗਏ ਹਨ। ਇਨ੍ਹਾਂ ਵਿਚ ਅਨੇਕ ਪੁਰਾਣ-ਪਾਤਰ ਗੁਰੂ ਜੀ ਦੀ ਉਸਤਤ ਕਰਦੇ ਹਨ। ਭੱਟ-ਕਵੀ ਕਲ੍ਹ ਸਪੱਸ਼ਟ ਰੂਪ ਵਿਚ ਸਵੀਕਾਰ ਕਰਦਾ ਹੈ ਕਿ ਯੁਗ ਯੁਗ ਵਿਚ ਅਵਤਾਰ ਧਾਰਣ ਕਰਨ ਵਾਲੇ ਵਿਸ਼ਣੂ ਨੇ ਕਲਿਯੁਗ ਵਿਚ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਅਵਤਾਰ ਧਾਰਣ ਕੀਤਾ ਹੈ—ਸਤਿਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ (ਗੁ.ਗ੍ਰੰ.1390)।

ਇਨ੍ਹਾਂ ਦਸਾਂ ਸਵੈਇਆਂ ਵਿਚੋਂ ਪੰਜ ਚਾਰ ਚਾਰ ਤੁਕਾਂ ਦੇ ਹਨ ਅਤੇ ਪੰਜ ਛੇ ਛੇ ਤੁਕਾਂ ਦੇ। ਸਵੈਯੇ ਦੇ ਲੱਛਣ ਇਨ੍ਹਾਂ ਉਤੇ ਲਾਗੂ ਕਰ ਸਕਣਾ ਸਰਲ ਨਹੀਂ।

ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿਚ ਲਿਖੇ ਦਸ ਸਵੈਇਆਂ ਵਿਚੋਂ ਚਾਰ ਚਾਰ ਤੁਕਾਂ ਦੇ, ਪੰਜ ਛੇ ਛੇ ਤੁਕਾਂ ਦੇ ਅਤੇ ਇਕ ਸੱਤ ਤੁਕਾਂ ਦਾ ਹੈ। ਸਵੈਯਾ ਛੰਦ ਦੇ ਲੱਛਣਾਂ ਤੋਂ ਇਹ ਸੁਤੰਤਰ ਹਨ। ਕਵੀ ਕਲ੍ਹ ਨੇ ਗੁਰੂ ਜੀ ਨੂੰ ਜਨਕ ਰਾਜਾ ਦਾ ਅਵਤਾਰ ਮੰਨਦੇ ਹੋਇਆਂ ਦਸਿਆ ਹੈ ਕਿ ਇਸ ਮਹਾਨ ਗੁਰੂ ਦੀ ਚਰਣ-ਛੋਹ ਨਾਲ ਹੀ ਜਨਮ- ਮਰਣ ਦਾ ਦੁਖ ਦੂਰ ਹੋ ਜਾਂਦਾ ਹੈ—ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ (ਗੁ.ਗ੍ਰੰ.1392)।

ਗੁਰੂ ਅਮਰਦਾਸ ਜੀ ਦੀ ਉਸਤਤ ਵਿਚ ਕੁਲ 22 ਸਵੈਯੇ ਲਿਖੇ ਮਿਲਦੇ ਹਨ ਜਿਨ੍ਹਾਂ ਵਿਚੋਂ ਨੌਂ ਭੱਟ-ਕਵੀ ਕਲ੍ਹ ਦੇ, ਪੰਜ ਭੱਟ ਜਾਲਪ ਦੇ, ਚਾਰ ਭੱਟ ਕੀਰਤ ਦੇ, ਦੋ ਭੱਟ ਭਿੱਖਾ ਦੇ, ਇਕ ਭੱਟ ਸਲ੍ਹ ਦਾ ਅਤੇ ਇਕ ਭੱਟ ਭਲ੍ਹ ਦਾ ਹੈ। ਇਨ੍ਹਾਂ ਵਿਚੋਂ ਸੱਤ ਸਵੈਯੇ ਚਾਰ ਚਾਰ ਤੁਕਾਂ ਦੇ, 13 ਛੇ ਛੇ ਤੁਕਾਂ ਦੇ ਅਤੇ ਸੱਤ ਅਤੇ ਅੱਠ ਤੁਕਾਂ ਦਾ ਕੇਵਲ ਇਕ ਇਕ ਸਵੈਯਾ ਹੈ। ਇਹ ਵੀ ਸਵੈਯੇ ਦੇ ਲੱਛਣਾਂ ਦੀ ਪਾਲਣਾ ਨਹੀਂ ਕਰਦੇ। ਇਨ੍ਹਾਂ ਵਿਚ ਭੱਟ ਕਵੀਆਂ ਨੇ ਸਥਾਪਨਾ ਕੀਤੀ ਹੈ ਕਿ ਪਰਮਾਤਮਾ ਦੇ ਜਿਸ ਨਾਂ ਦਾ ਸਿਮਰਨ ਸਾਰੇ ਪੁਰਾਣ- ਪਾਤਰ ਕਰ ਰਹੇ ਹਨ, ਉਹ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਵਸਦਾ ਹੈ। ਵਾਸਤਵ ਵਿਚ, ਨਾਰਾਇਣ ਖ਼ੁਦ ਉਨ੍ਹਾਂ ਦੇ ਰੂਪ ਵਿਚ ਇਸ ਸੰਸਾਰ ਵਿਚ ਪ੍ਰਗਟ ਹੋਇਆ ਹੈ—ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ (ਗੁ. ਗ੍ਰੰ.1395)।

ਗੁਰੂ ਰਾਮਦਾਸ ਜੀ ਬਾਰੇ ਸਭ ਤੋਂ ਅਧਿਕ 60 ਸਵੈਯੇ ਲਿਖੇ ਗਏ ਹਨ ਜਿਨ੍ਹਾਂ ਵਿਚ 13 ਕਲ੍ਹ ਦੇ, ਚਾਰ ਕੀਰਤ ਦੇ, ਦੋ ਸਲ੍ਹ ਦੇ, 16 ਨਲ੍ਹ ਦੇ, 13 ਗਯੰਦ (ਅਥਵਾ ਪਰਮਾਨੰਦ) ਦੇ, ਸੱਤ ਮਥੁਰਾ ਦੇ ਅਤੇ 5 ਬਲ੍ਹ ਦੇ ਹਨ। ਇਨ੍ਹਾਂ ਵਿਚੋਂ 22 ਚਾਰ ਚਾਰ ਤੁਕਾਂ ਦੇ, 19 ਪੰਜ ਪੰਜ ਤੁਕਾਂ ਦੇ, 16 ਛੇ ਛੇ ਤੁਕਾਂ ਦੇ, ਇਕ ਅੱਠ ਤੁਕਾਂ ਦਾ, ਇਕ 13 ਤੁਕਾਂ ਦਾ ਅਤੇ ਇਕ 18 ਤੁਕਾਂ ਦਾ ਹੈ। ਇਨ੍ਹਾਂ ਵਿਚ ਇਕ ਥਾਂ ‘ਰਡ’ ਅਤੇ ਇਕ ਥਾਂ ‘ਝੋਲਨਾ’ ਛੰਦ-ਨਾਂ ਲਿਖੇ ਮਿਲਦੇ ਹਨ। ਪਰ ਇਨ੍ਹਾਂ ਛੰਦਾਂ ਦੇ ਲੱਛਣਾਂ ਨੂੰ ਕਾਫ਼ੀ ਖਿਚ-ਧੂਹ ਕੇ ਹੀ ਲਾਗੂ ਕੀਤਾ ਜਾ ਸਕਦਾ ਹੈ। ਸਵੈਯੇ ਦਾ ਤਕਨੀਕੀ ਰੂਪ ਵਿਚ ਇਥੇ ਪ੍ਰਯੋਗ ਨਹੀਂ ਹੋਇਆ। ਇਨ੍ਹਾਂ ਸਵੈਇਆਂ ਵਿਚ ਗੁਰੂ-ਉਸਤਤ ਕਰਨ ਵੇਲੇ ਭੱਟ-ਕਵੀਆਂ ਦੀ ਅਵਤਾਰ- ਵਾਦੀ ਭਾਵਨਾ ਅਧਿਕ ਉਘੜ ਕੇ ਸਾਹਮਣੇ ਆਈ ਹੈ। ਇਥੋਂ ਤਕ ਕਿ ਵਿਸ਼ਣੂ ਦੇ ਚਾਰ ਚਿੰਨ੍ਹਾਂ—ਸ਼ੰਖ, ਚਕ੍ਰ , ਗਦਾ ਅਤੇ ਪਦਮ—ਨੂੰ ਸਾਫ਼ ਤੌਰ’ਤੇ ਗੁਰੂ ਰਾਮਦਾਸ ਜੀ ਦੇ ਚਿੰਨ੍ਹ ਮੰਨ ਲਿਆ ਗਿਆ ਹੈ—ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖੁਸ ਹਰਿਓ ਨਖ ਬਿਦਾਰਿ ਜੀਉ ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੋ ਕਉਨ ਤਾਹਿ ਜੀਉ

ਗੁਰੂ ਅਰਜਨ ਦੇਵ ਜੀ ਸੰਬੰਧੀ ਕੁਲ 21 ਸਵੈਯੇ ਲਿਖੇ ਮਿਲਦੇ ਹਨ ਜਿਨ੍ਹਾਂ ਵਿਚੋਂ 12 ਭੱਟ ਕਵੀ ਕਲ੍ਹ ਦੇ, ਸੱਤ ਮਥੁਰਾ ਦੇ ਅਤੇ ਦੋ ਹਰਿਬੰਸ ਦੇ ਰਚੇ ਹਨ। ਇਨ੍ਹਾਂ ਵਿਚੋਂ ਨੌਵੇਂ ਤੋਂ ਬਾਦ ‘ਸੋਰਠੇ’ ਛੰਦ-ਨਾਂ ਲਿਖਿਆ ਹੈ ਅਤੇ ਅਜਿਹੇ ਤਿੰਨ ਪਦ ਹਨ। ਬਾਕੀਆਂ ਵਿਚੋਂ ਚਾਰ ਤੁਕਾਂ ਦੇ ਨੌਂ, ਛੇ ਤੁਕਾਂ ਦੇ ਅੱਠ ਅਤੇ 12 ਤੁਕਾਂ ਦਾ ਇਕ ਸਵੈਯਾ ਹੈ। ਸੋਰਠਾ ਨੂੰ ਸਵੈਯਾ ਨਹੀਂ ਕਿਹਾ ਜਾ ਸਕਦਾ ਅਤੇ ਬਾਕੀ ਦੇ ਵੀ ਸਵੈਯੇ ਦੇ ਲੱਛਣਾਂ ਦੀ ਪੂਰੀ ਤਰ੍ਹਾਂ ਪਾਲਨਾ ਨਹੀਂ ਕਰਦੇ। ਇਨ੍ਹਾਂ ਵਿਚ ਵੀ ਭੱਟ ਕਵੀਆਂ ਦੀ ਅਵਤਾਰਵਾਦੀ ਭਾਵਨਾ ਪ੍ਰਗਟ ਹੋਈ ਹੈ। ਇਥੋਂ ਤਕ ਕਿ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿਚ ਹਰਿ ਨੂੰ ਪ੍ਰਤੱਖ ਤੌਰ’ਤੇ ਵਿਦਮਾਨ ਮੰਨਿਆ ਗਿਆ ਹੈ—ਜਗ ਅਉਰੁ ਜਾਹਿ ਮਹਾਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ ਅੰਮ੍ਰਿਤ ਨਾਮ ਪੀਅਉ ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਜਾਨ ਬੀਅਉ ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ (ਗੁ.ਗ੍ਰੰ.1409)।

ਸਮੁੱਚੇ ਤੌਰ’ਤੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਸਵੈਇਆਂ ਵਿਚ ਗੁਰੂ ਸਾਹਿਬਾਨ ਦਾ ਯਸ਼ , ਅਵਤਾਰਵਾਦੀ ਬਿਰਤੀ ਅਧੀਨ ਗਾਇਆ ਗਿਆ ਹੈ ਕਿਉਂਕਿ ਭੱਟ ਕਵੀਆਂ ਦੇ ਸੰਸਕਾਰ ਇਸੇ ਪਰੰਪਰਾ ਦੇ ਸਨ। ਇਨ੍ਹਾਂ ਨੂੰ ਪੁਰਾਤਨ ਇਤਿਹਾਸ, ਪੌਰਾਣਿਕ ਸੰਦਰਭਾਂ, ਅਧਿਆਤਮਿਕ ਪਰੰਪਰਾਵਾਂ ਅਤੇ ਭਾਸ਼ਾਈ ਸਰੂਪਾਂ ਦਾ ਡੂੰਘਾ ਗਿਆਨ ਸੀ ਅਤੇ ਕਾਵਿ -ਰਸ ਦੀਆਂ ਸੂਖਮਤਾਵਾਂ ਨੂੰ ਵੀ ਜਾਣਦੇ ਸਨ। ਉਸਤਤਮਈ ਕਾਵਿ ਰਚਣ ਦੀ ਕੁਲ-ਪਰੰਪਰਾ ਤੋਂ ਵਿਕਸਿਤ ਹੋਈ ਸ਼ੈਲੀ ਵਿਚ ਹੀ ਇਨ੍ਹਾਂ ਨੇ ਗੁਰੂ-ਯਸ਼ ਗਾਇਆ ਹੈ ਅਤੇ ਕਾਵਿ- ਕਰਮ ਵਿਚ ਸ਼ਬਦਾਲੰਕਾਰਾਂ ਦੀ ਵਰਤੋਂ, ਕੱਥ ਅਨੁਰੂਪ ਸ਼ਬਦ -ਚੋਣ, ਤੁਕਾਂਤ-ਮੇਲ, ਅਤਿ-ਕਥਨੀ ਪੂਰਣ ਅਲੰਕਾਰ- ਵਿਧਾਨ , ਸ਼ਬਦਾਂ-ਵਾਕਾਂਸ਼ਾਂ ਦੀ ਪੁਨਰਾਵ੍ਰਿੱਤੀ ਆਦਿ ਜੁਗਤਾਂ ਦਾ ਸਹਾਰਾ ਲਿਆ ਹੈ। ਇਸ ਪ੍ਰਸ਼ੰਸਾ ਤੋਂ ਗੁਰੂ ਸਾਹਿਬਾਨ ਬਾਰੇ ਉਸ ਵਕਤ ਦੇ ਸਮਾਜ ਵਿਚ ਬਣ ਚੁਕੇ ਬਿੰਬ ਦਾ ਅਨੁਮਾਨ ਜ਼ਰੂਰ ਲਗਾਇਆ ਜਾ ਸਕਦਾ ਹੈ। ਇਨ੍ਹਾਂ ਉਤੇ ਚਰਣਾਂ ਤੋਂ ਲੈ ਕੇ ਵਰਣਾਂ ਤਕ ਸਵੈਯੇ ਦੇ ਲੱਛਣ ਲਾਗੂ ਕਰ ਸਕਣਾ ਸਰਲ ਨਹੀਂ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.